ਧਨਾਸਰੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਨਾਸਰੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 93 ਚਉਪਦੇ , ਤਿੰਨ ਅਸ਼ਟਪਦੀਆਂ , ਪੰਜ ਛੰਤ ਦਰਜ ਹਨ। ਭਗਤ-ਬਾਣੀ ਦੇ ਪ੍ਰਸੰਗ ਵਿਚ ਦਰਜ 17 ਸ਼ਬਦਾਂ ਵਿਚੋਂ ਪੰਜ ਸ਼ਬਦ ਕਬੀਰ ਦੇ, ਪੰਜ ਨਾਮਦੇਵ ਦੇ, ਤਿੰਨ ਰਵਿਦਾਸ ਦੇ, ਇਕ ਇਕ ਤ੍ਰਿਲੋਚਨ, ਸੈਣ , ਪੀਪਾ ਅਤੇ ਧੰਨਾ ਦੇ ਹਨ।

            ਚਉਪਦੇ ਪ੍ਰਕਰਣ ਦੇ ਗੁਰੂ ਨਾਨਕ ਦੇਵ ਜੀ ਦੇ ਲਿਖੇ ਨੌਂ ਚਉਪਦਿਆਂ ਵਿਚੋਂ ਸੱਤ ਚਾਰ ਚਾਰ ਪਦਿਆਂ ਵਾਲੇ ਅਤੇ ਦੋ ਪੰਜ ਪੰਜ ਪਦਿਆਂ ਵਾਲੇ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਸਾਰੇ ਡਰਾਂ ਅਤੇ ਦੁਖਾਂ ਦਾ ਸਮਾਧਾਨ ਪਰਮਾਤਮਾ ਦੇ ਨਾਮ ਵਿਚ ਦਸਿਆ ਹੈ। ਗੁਰੂ ਅਮਰਦਾਸ ਜੀ ਦੇ ਨੌਂ ਸ਼ਬਦਾਂ ਵਿਚੋਂ ਅੱਠ ਚਉਪਦੇ ਹਨ ਅਤੇ ਇਕ ਤ੍ਰਿਪਦਾ। ਇਨ੍ਹਾਂ ਵਿਚ ਗੁਰੂ ਜੀ ਨੇ ਨਾਮ ਦੀ ਮਹਿਮਾ ਦਸ ਕੇ ਇਹ ਸਪੱਸ਼ਟ ਕੀਤਾ ਹੈ ਕਿ ਨਾਮ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ। ਗੁਰੂ ਰਾਮਦਾਸ ਜੀ ਦੇ 13 ਚਉਪਦਿਆਂ ਵਿਚੋਂ ਸੱਤ ਵਿਚ ਚਾਰ ਚਾਰ ਪਦੇ ਹਨ ਅਤੇ ਛੇ ਵਿਚ ਦੋ ਦੋ ਦੇ ਜੁੱਟ ਹਨ। ਇਨ੍ਹਾਂ ਪਦਿਆਂ ਦਾ ਮੁੱਖ ਵਿਸ਼ਾ ਪਰਮਾਤਮਾ ਨੂੰ ਮਿਲਣ ਦੀ ਇੱਛਾ ਅਤੇ ਉਸ ਇੱਛਾ ਨੂੰ ਪੂਰਾ ਕਰਨ ਲਈ ਗੁਰੂ ਅਤੇ ਸਾਧ-ਸੰਗਤ ਦੀ ਲੋੜ ਦਸੀ ਗਈ ਹੈ। ਗੁਰੂ ਅਰਜਨ ਦੇਵ ਜੀ ਦੇ ਲਿਖੇ 58 ਚਉਪਦਿਆਂ ਵਿਚੋਂ ਕੇਵਲ 18 ਚਾਰ ਚਾਰ ਪਦਿਆਂ ਵਾਲੇ, ਬਾਕੀ ਦੇ 33 ਦੁਪਦੇ, ਪੰਜ ਤ੍ਰਿਪਦੇ ਅਤੇ ਦੋ ਪੰਚਪਦੇ ਹਨ। ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਨੌਵੇਂ ਗੁਰੂ ਜੀ ਨੇ ਆਪਣੇ ਚਾਰ ਚਉਪਦਿਆਂ ਵਿਚ ਹਰਿ ਨੂੰ ਬਨ ਵਿਚ ਖੋਜਣ ਦੀ ਥਾਂ ਤੇ ਅੰਦਰ ਲਭਣ ਦੀ ਤਾਕੀਦ ਕੀਤੀ ਹੈ।

ਅਸ਼ਟਪਦੀਆਂ ਪ੍ਰਕਰਣ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੀਆਂ ਹਨ। ਇਨ੍ਹਾਂ ਵਿਚ ਮਨ ਦੇ ਸੰਸੇ ਨੂੰ ਦੂਰ ਕਰਨ ਲਈ ਗੁਰੂ ਦੀ ਸ਼ਰਣ ਵਿਚ ਜਾਣ ਦਾ ਉਪਦੇਸ਼ ਹੈ। ਪੰਜਵੇਂ ਗੁਰੂ ਦੀ ਲਿਖੀ ਇਕ ਅਸ਼ਟਪਦੀ ਵਿਚ ਇਸ ਸੁਆਲ ਦਾ ਉੱਤਰ ਹੈ ਕਿ ਮਾਇਆ ਦੇ ਪ੍ਰਪੰਚ ਤੋਂ ਕੌਣ ਬਚਾ ਸਕਦਾ ਹੈ ? ਅਸਲ ਵਿਚ, ਬਚਾਉਣ ਵਾਲਾ ਤਾਂ ਕੇਵਲ ਪਰਮਾਤਮਾ ਹੈ, ਬਾਕੀਆਂ ਵਿਚ ਕੋਈ ਸਮਰਥਤਾ ਨਹੀਂ ਹੈ।

            ਛੰਤ ਸਿਰਲੇਖ ਅਧੀਨ ਦਰਜ ਕੁਲ ਪੰਜ ਛੰਤਾਂ ਵਿਚੋਂ ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਇਕ ਵਿਚ ਚਾਰ ਅਤੇ ਦੂਜੇ ਦੋਹਾਂ ਵਿਚ ਪੰਜ ਪੰਜ ਪਦੇ ਹਨ। ਇਨ੍ਹਾਂ ਵਿਚ ਤਰਕ-ਪੂਰਵਕ ਨਾਮ ਦੇ ਮਹੱਤਵ ਅਤੇ ਸਿਮਰਨ ਦੀ ਲੋੜ ਨੂੰ ਦਰਸਾਇਆ ਗਿਆ ਹੈ। ਗੁਰੂ ਰਾਮਦਾਸ ਨੇ ਪੰਜ ਪਦਿਆਂ ਦੇ ਆਪਣੇ ਇਕ ਛੰਤ ਵਿਚ ਪ੍ਰਭੂ ਦੇ ਸੰਯੋਗ ਦਾ ਅਨੁਭਵ ਗੁਰੂ ਅਤੇ ਸਾਧ-ਸੰਗਤ ਦੁਆਰਾ ਦਸਿਆ ਹੈ। ਇਸੇ ਗੱਲ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਵੀ ਚਾਰ ਪਦਿਆਂ ਦੇ ਆਪਣੇ ਇਕ ਛੰਤ ਵਿਚ ਕੀਤੀ ਹੈ।

            ਭਗਤ ਬਾਣੀ ਪ੍ਰਕਰਣ ਵਿਚ ਕਬੀਰ ਜੀ ਨੇ ਆਪਣੇ ਪੰਜ ਸ਼ਬਦਾਂ ਵਿਚ ਅਨੇਕ ਮਿਥਿਹਾਸਿਕ ਹਵਾਲਿਆਂ ਨਾਲ ਮਨੁੱਖ ਨੂੰ ਦਸਿਆ ਹੈ ਕਿ ਹਰ ਪ੍ਰਕਾਰ ਦੇ ਭਰਮਾਂ ਨੂੰ ਤਿਆਗ ਕੇ ਨਾਮ-ਸਿਮਰਨ ਵਿਚ ਲੀਨ ਹੋਣਾ ਚਾਹੀਦਾ ਹੈ। ਭਗਤ ਨਾਮਦੇਵ ਨੇ ਆਪਣੇ ਪੰਜ ਸ਼ਬਦਾਂ ਵਿਚ ਪੁਰਾਤਨ ਸੰਕੇਤਾਂ ਨਾਲ ਜਿਗਿਆਸੂ ਨੂੰ ਦਸਿਆ ਹੈ ਕਿ ਮਾਇਆ ਦੇ ਛਲਾਵੇ ਤੋਂ ਬਚ ਕੇ ਹਰਿ-ਨਾਮ ਵਿਚ ਪ੍ਰੇਮ ਪਾਉਣਾ ਚਾਹੀਦਾ ਹੈ। ਭਗਤ ਰਵਿਦਾਸ ਨੇ ਆਪਣੇ ਤਿੰਨ ਸ਼ਬਦਾਂ ਵਿਚ ਪਰਮਾਤਮਾ ਦੇ ਪ੍ਰੇਮ ਦੀ ਗੱਲ ਕਰਦਿਆਂ ਨਾਮ-ਸਿਮਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਇਸ ਤੋਂ ਬਾਦ ਚਾਰ ਭਗਤਾਂ ਦਾ ਇਕ ਇਕ ਸ਼ਬਦ ਹੈ। ਭਗਤ ਤ੍ਰਿਲੋਚਨ ਨੇ ਆਪਣੇ ਅੰਦਰੋਂ ਦੋਸ਼ਾਂ ਨੂੰ ਕਢਣ ਉਤੇ ਜ਼ੋਰ ਦਿੱਤਾ ਹੈ। ਭਗਤ ਸੈਣ ਨੇ ਸਹੀ ਆਰਤੀ ਲਈ ਧੂਪ-ਦੀਪ ਦੀ ਥਾਂ ਦਿਲ ਦਾ ਸਚਾ ਪਿਆਰ ਜ਼ਰੂਰੀ ਸਮਝਿਆ ਹੈ। ਭਗਤ ਪੀਪਾ ਨੇ ਦਿਖਾਵੇ ਵਾਲੀ ਭਗਤੀ ਦੀ ਥਾਂ ਅੰਦਰੋਂ, ਸਚੇ ਦਿਲ ਤੋਂ ਭਗਤੀ ਜਾਂ ਪੂਜਾ ਕਰਨ ਦੀ ਗੱਲ ਨੂੰ ਦ੍ਰਿੜ੍ਹਾਇਆ ਹੈ। ਧੰਨੇ ਭਗਤ ਨੇ ਪ੍ਰਭੂ ਵਲੋਂ ਭਗਤਾਂ ਦੇ ਕਾਰਜ ਸੰਵਾਰਨ ਦੇ ਭੇਦ ਨੂੰ ਪ੍ਰਗਟਾਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.